Thursday 13 June 2013

ਭਾਰਤੀ ਮੀਡਿਆ ਬਨਾਮ ਹਾਸੋਹੀਣੀ ਦਸ਼ਾ


ਕਿਸੇ ਵੀ ਲੋਕਤੰਤਰੀ ਦੇਸ਼ ਵਿਚ ਮੀਡੀਆ ਲੋਕਤੰਤਰ ਦਾ ਚੋਥਾ ਥੰਮ ਮੰਨਿਆ ਜਾਂਦਾ ਹੈ ਅਤੇ ਦੂਜੇ ਤਿੰਨਾਂ ਥੰਮਾਂ ਵਾਂਗ ਇਸ ਦਾ ਕੰਮ ਵੀ ਨਿਹਾਤ ਜ਼ਰੂਰੀ ਅਤੇ ਜ਼ਿੰਮੇਵਾਰੀ ਵਾਲਾ ਹੁੰਦਾ ਹੈ। ਇਹ ਲੋਕਤੰਤਰ ਨੂੰ ਮਜ਼ਬੂਤ ਕਰਨ ਵਾਲਾ ਸਾਧਨ ਹੈ ਕਿਉਂਕਿ ਜਿੱਥੇ ਇਹ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦਾ ਹੈ ਉੱਥੇ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਵੀ ਜ਼ਿੰਮੇਵਾਰੀ ਨਾਲ ਕਰਦਾ ਹੈ। ਦੇਸ਼ ਅੰਦਰ ਵੱਧ ਰਹੀ ਗ਼ਰੀਬੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਅੰਧਵਿਸ਼ਵਾਸਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਦਾ ਹੈ। ਲੋਕਾਂ ਦੇ ਜੀਵਨ ਨੂੰ ਸੁਖਾਲਾ ਬਨਾਉਣ ਲਈ ਆਪਣਾ ਕਰਮ ਕਰਦਾ ਹੈ।

   ਦੂਜੇ ਪਾਸੇ ਅਜੋਕੇ ਭਾਰਤੀ ਮੀਡੀਏ ਦੀ ਗੱਲ ਕਰਦਿਆਂ ਇਹ ਸਾਰੇ ਤੱਥ ਗੁਆਚੇ ਲੱਗਦੇ ਹਨ। ਭਾਰਤੀ ਮੀਡੀਆ ਆਪਣੀ ਦਿਸ਼ਾ ਤੋਂ ਭਟਕ ਗਿਆ ਲੱਗਦਾ ਹੈ। ਇਹ ਸਹੀ ਦਿਸ਼ਾ ਵੱਲ ਨਾ ਤੁਰ ਕੇ ਗਲਤ ਦਿਸ਼ਾ ਵਾਲੇ ਪਾਸੇ ਮੁੜ ਗਿਆ ਹੈ। ਆਪਣੀ ਦਿਸ਼ਾ ਨੂੰ ਭੁੱਲਣ ਕਾਰਣ ਇਸ ਦੀ ਦਸ਼ਾ ਹਾਸੇ ਵਾਲੀ ਬਣਦੀ ਜਾ ਰਹੀ ਹੈ।

ਭਾਰਤੀ ਮੀਡੀਆ ਬਨਾਮ ਭਟਕੀ ਹੋਈ ਦਿਸ਼ਾ

 ਜਿਵੇਂ ਕਿ ਉੱਪਰ ਕਿਹਾ ਗਿਆ ਹੈ ਕਿ ਮੀਡੀਆ ਕਿਸੇ ਦੇਸ਼ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕਰਦਾ ਹੈ। ਇਸ ਦੀਆਂ ਕੁੱਝ ਸਿਧਾਂਤਕ ਜ਼ਿੰਮੇਵਾਰੀਆਂ ਹੁੰਦੀਆਂ ਹਨ ਪਰੰਤੂ ਅਜੋਕੇ ਸਮੇਂ ਭਾਰਤੀ ਮੀਡੀਏ ਦੀ ਦਿਸ਼ਾ ਸਹੀ ਨਹੀਂ ਰਹੀ ਹੈ। ਮੀਡੀਆ ਦਾ ਕੰਮ ਦੇਸ਼ ਨੂੰ ਸਫ਼ਲਤਾ ਅਤੇ ਵਿਕਾਸ ਦੇ ਮਾਰਗ ਤੇ ਲਿਜਾਣਾ ਹੁੰਦਾ ਹੈ। ਇਸ ਲਈ ਖੋਜੀ-ਪੱਤਰਕਾਰਤਾ ਅਤੇ ਲੋਕਪੱਖੀ-ਪੱਤਰਕਾਰਤਾ ਵਧੇਰੇ ਮਹੱਤਵਪੂਰਨ ਹੁੰਦੀ ਹੈ।

ਦਿਸ਼ਾ ਦਾ ਭਟਕਣਾ ਇਹ ਸਿੱਧ ਕਰਦਾ ਹੈ ਕਿ ਯੋਗ ਵਿਅਕਤੀਆਂ ਦਾ ਇਹ ਕੰਮ, ਅਯੋਗ ਵਿਅਕਤੀਆਂ ਕੋਲ ਆ ਗਿਆ ਹੈ। ਜਦੋਂ ਮੀਡੀਆ ਅੰਦਰ ਅਯੋਗ ਵਿਅਕਤੀ ਪ੍ਰਵੇਸ਼ ਕਰਦਾ ਹੈ ਤਾਂ ਉਹ ਇਸ ਦੀ ਤਾਕਤ ਦਾ ਨਾਜਾਇਜ਼ ਲਾਭ ਪ੍ਰਾਪਤ ਕਰਨਾ ਚਾਹੁੰਦਾ ਹੈ। ਜਦੋਂ ਉਹ ਮੀਡੀਏ ਦੀ ਤਾਕਤ ਦਾ ਨਾਜਾਇਜ਼ ਪ੍ਰਯੋਗ ਕਰਦਾ ਹੈ ਤਾਂ ਇਸ ਦੀ ਸਹੀ ਦਿਸ਼ਾ ਨੂੰ ਗ਼ਲਤ ਪਾਸੇ ਮੋੜ ਕੇ ਲੈ ਜਾਂਦਾ ਹੈ। ਬਦਕਿਸਮਤੀ ਇਹ ਹੈ ਕਿ ਅੱਜ ਭਾਰਤੀ ਮੀਡੀਆ ਅੰਦਰ ਇਹੋ ਕਾਰਾ ਵਾਪਰ ਰਿਹਾ ਹੈ। ਅਯੋਗ ਵਿਅਕਤੀਆਂ ਦਾ ਪ੍ਰਵੇਸ਼…।


ਜਦੋਂ ਇਹ ਭਟਕੀ ਹੋਈ ਦਿਸ਼ਾ ਆਮ ਲੋਕਾਂ ਸਾਹਮਣੇ ਪੇਸ਼ ਹੁੰਦੀ ਹੈ ਤਾਂ ਮੀਡੀਆ ਹਾਸੇ ਅਤੇ ਮਜ਼ਾਕ ਦਾ ਪਾਤਰ ਬਣ ਜਾਂਦਾ ਹੈ। ਇਸ ਦੇ 1-2 ਉਦਾਹਰਣ ਇਸ ਪ੍ਰਕਾਰ ਹਨ।

ਸਾਲ 2010 ਦੇ ਅਪ੍ਰੈਲ ਮਹੀਨੇ ਦੇ ਆਰੰਭ ਵਿਚ ਇਕ ਖ਼ਬਰ ਭਾਰਤੀ ਚੈਨਲਾਂ 'ਤੇ ਲਗਾਤਾਰ ਦਿਖਾਈ ਜਾ ਰਹੀ ਸੀ ਕਿ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਪਾਕਿਸਤਾਨੀ ਕ੍ਰਿਕਟ ਖਿਡਾਰੀ ਸ਼ੋਇਬ ਮਲਿਕ ਨਾਲ ਨਿਕਾਹ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇਸ ਖ਼ਬਰ ਦੇ ਨਾਲ ਹੀ ਇਹ ਖ਼ਬਰ ਵੀ ਭਾਰਤੀ ਚੈਨਲਾਂ ਦੀ ਸੁਰਖ਼ੀ ਬਣੀ ਹੋਈ ਸੀ ਕਿ ਹੈਰਦਾਬਾਦ ਦੀ ਰਹਿਣ ਵਾਲੀ ਆਇਸ਼ਾ ਨਾਂ ਦੀ ਇਕ ਕੁੜੀ ਨੇ ਸ਼ੋਇਬ ਮਲਿਕ ਦੀ ਪਤਨੀ ਹੋਣ ਦਾ ਦਾਅਵਾ ਕੀਤਾ ਹੈ ਅਤੇ ਇਸ ਲਈ ਬਕਾਇਦਾ ਸਬੂਤ ਪੇਸ਼ ਕੀਤੇ ਹਨ।

ਸ਼ੋਇਬ ਦਾ ਸੱਚ...? ਸਾਨੀਆ ਦੇ ਹੱਥਾਂ ਦੀ ਮਹਿੰਦੀ....., ਸੂਟ ਦਾ ਰੰਗ਼... ਆਇਸ਼ਾ ਦਾ ਸੱਚ...., ਸ਼ੋਇਬ ਦੇ ਇੰਟਰਵਿਯੂ...... ਉਸ ਦੇ ਜੀਜਾ ਦੇ ਬਿਆਨ..... ਯਾਰਾਂ ਬੇਲੀਆਂ ਦੇ ਬਿਆਨ......, ਵਕੀਲਾਂ ਦੀ ਬਹਿਸ਼.... ਰਾਜਨੇਤਾਵਾਂ ਦੀ ਸਿਆਸਤ....., ਭਾਰਤ ਪਾਕਿਸਤਾਨ ਦੇ ਆਪਸੀ ਸੰਬੰਧ....., ਬੈਂਡ....., ਘੋੜੇ....., ਵਿਆਹ ਦਾ ਟੈਂਟ..... ਤੇ ਹੋਰ ਪਤਾ ਨਹੀਂ ਕੀ ਕੀ......?

  ਨਿਕਾਹ ਹੋਇਗਾ ਕਿ ਨਹੀਂ...? ਸ਼ੋਇਬ ਦਾ ਸੱਚ ਕੀ ਹੈ...? ਸਾਨਿਆ ਦੇ ਪਿਤਾ ਦੇ ਬਿਆਨ ਤੇ ਹੋਰ ਪਤਾ ਨਹੀਂ ਕੀ ਕੀ ? ਭਲਾ ਜੇ ਇਕ ਪਿਤਾ ਨੂੰ ਆਪਣੀ ਬੇਟੀ ਦਾ ਖਿਆਲ ਨਹੀਂ ਤੇ ਮੀਡੀਆ ਨੇ ਕਿਉਂ ਠੇਕਾ ਲਿਆ ਹੋਇਆ ਹੈ? ਸਾਨੀਆ ਨੂੰ ਸਟਾਰ ਭਾਰਤ ਦੇ ਲੋਕਾਂ ਨੇ ਬਣਾਇਆ ਅਤੇ ਜੇ ਉਹ ਪਾਕਿਸਤਾਨ ਦੀ ਨੂੰਹ ਬਨਣਾ ਚਾਹੁੰਦੀ ਹੈ ਤਾਂ ਬਨਣ ਦਿਓ...? ਤੁਸੀਂ ਦੋਹਾਂ ਦੇ ਵਿਚ ਹੱਡੀ ਕਿਉਂ ਬਣੇ ਹੋਏ ਹੋ? ਜਦ ਮੀਆਂ ਬੀਵੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ।

ਅੱਤਵਾਦ ਦੀ ਸਮੱਸਿਆ, ਵੱਧ ਰਹੀ ਆਬਾਦੀ, ਬੇਰੁਜ਼ਗਾਰੀ, ਅਨਪੜਤਾ, ਗ਼ਰੀਬੀ, ਪਾਣੀਆਂ ਦੀ ਸਮੱਸਿਆ, ਖੇਤਰਵਾਦ, ਘਟੀਆ ਸਿਆਸਤ ਤੇ ਰਾਜਾਂ ਦੀ ਸਮੱਸਿਆਵਾਂ ਬਾਰੇ ਮੀਡੀਆ ਕੋਈ ਸਾਰਥਕ ਭੂਮਿਕਾ ਅਦਾ ਨਹੀਂ ਕਰ ਰਿਹਾ ਪਰ ਸਾਨਿਆ, ਇੱਛਾਧਾਰੀ ਤੇ ਨਿਤਆਨੰਦ ਦੀਆਂ ਖ਼ਬਰਾਂ ਸੁਰਖੀਆਂ ਬਣੀਆਂ ਰਹਿੰਦੀਆਂ ਹਨ।  ਪਤਾ ਨਹੀਂ ਕਿਉਂ......?


 ਇਕ ਹੋਰ ਉਦਾਹਰਣ ਦੇਖ ਲਵੋ। ਕੁੱਝ ਮਹੀਨੇ ਪਹਿਲਾਂ ਭਾਰਤੀ ਕ੍ਰਿਕੇਟ ਟੀਮ ਦੇ ਕੈਪਟਨ ਧੋਨੀ ਦੇ ਵਿਆਹ ਦੀਆਂ ਖ਼ਬਰਾਂ ਚੈਨਲਾਂ ਤੇ ਇਸ ਤਰ੍ਹਾਂ ਚੱਲ ਰਹੀਆਂ ਸਨ ਜਿਵੇਂ ਦੇਸ਼ ਨੂੰ ਬੜੀ ਵੱਡੀ ਜੰਗੀ ਜਿੱਤ ਨਸੀਬ ਹੋਈ ਹੋਵੇ। ਟੀ: ਵੀ: ਚੈਨਲਾਂ 'ਤੇ ਲਗਾਤਾਰ ਇਹ ਖ਼ਬਰ ਪ੍ਰਸਾਰਿਤ ਕੀਤੀ ਜਾ ਰਹੀ ਸੀ ਕਿ ਧੋਨੀ ਕਿਹੜੇ ਕਪੜੇ ਪਾਵੇਗਾ....? ਮਹਿਮਾਨਾਂ ਦੀ ਲਿਸਟ ਵਿਚ ਕੋਣ ਕੋਣ ਹਨ....? ਉਸ ਦੀ ਹੋਣ ਵਾਲੀ ਪਤਨੀ ਕਿਹੜੇ ਰੰਗ ਦੀ ਸਾੜੀ ਜਾਂ ਲਹਿੰਗਾ ਪਾਵੇਗੀ....? ਹਲਵਾਈ ਕਿੱਥੋਂ ਆ ਰਹੇ ਹਨ......? ਬਰਾਤੀ ਕੋਣ ਕੋਣ ਹੋਣਗੇ.....? ਵਰਮਾਲਾ ਕਿੰਨੇ ਰੁਪਏ ਦੀ ਲਿਆਂਦੀ ਗਈ ਹੈ......? ਢੋਲ ਵਜਾਇਆ ਜਾਏਗਾ ਜਾਂ ਬੈਂਡ....? ਆਦਿਕ ਪਤਾ ਨਹੀਂ ਕਿੰਨੇ ਅਟਪਟੇ ਤੇ ਗੈਰਜ਼ਰੂਰੀ ਸਵਾਲ।

ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਇਕ ਟੀ. ਵੀ. ਪੱਤਰਕਾਰ ਉਸ ਟੈਂਪੂ ਵਾਲੇ ਦਾ ਇੰਟਰਵਿਊ ਲੈਂਦਾ ਹੈ ਜਿਸ ਵਿਚ ਧੋਨੀ ਤੇ ਉਸ ਦੀ ਹੋਣ ਵਾਲੀ ਪਤਨੀ ਨੇ ਕਦੇ 'ਝੂਟਾ' ਲਿਆ ਸੀ। ਪੱਤਰਕਾਰ ਪੁੱਛ ਰਿਹਾ ਹੁੰਦਾ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਇਹ ਸੋਚ ਕਿ ਤੁਹਾਡੇ ਟੈਂਪੂ ਤੇ ਧੋਨੀ ਬੈਠਾ ਸੀ....? ਵਾਹ ਬਈ ਪੱਤਰਕਾਰ ਮਿੱਤਰਾ.....!ਕਈ ਯੋਗ ਅਤੇ ਸਿਆਣੇ ਪੱਤਰਕਾਰ ਮਿੱਤਰਾਂ ਨੂੰ ਤਾਂ ਇਕ ਵਾਰੀਂ ਅਜਿਹਾ ਲੱਗਾ ਕਿ ਹੁਣ ਕਿਤੇ ਪੱਤਰਕਾਰ ਵੀਰ ਉਸ ਘੋੜੀ ਦਾ ਇੰਟਰਵਿਊ ਹੀ ਨਾ ਲੈਣ ਲੱਗ ਜਾਵੇ ਜਿਸ 'ਤੇ ਧੋਨੀ ਵਿਆਹ ਵੇਲੇ ਬੈਠਾ ਸੀ, 'ਬਈ ਘੋੜੀ ਜੀ ਦੱਸੋ ਜਦੋਂ ਧੋਨੀ ਤੁਹਾਡਾ ਉੱਤੇ ਬੈਠਾ ਤਾਂ ਤੁਹਾਨੂੰ ਕਿਵੇਂ ਮਹਿਸੂਸ ਹੋਇਆ...........!'

  ਕੁਝ ਚੈਨਲਾਂ ਦੇ ਰਿਪੋਰਟਰ ਧੋਨੀ ਦੇ ਸੁਹਾਗਰਾਤ  ਵਾਲੇ ਕਮਰੇ ਦੀ ਸਜ਼ਾਵਟ ਅਤੇ ਸਹੂਲਤਾਂ ਬਾਰੇ ਲਾਈਵ ਕਰ ਰਹੇ ਸੀ ...ਸ਼ਰਮ ਦੀ ਗੱਲ ਹੈ ਕਿ ਸੁਹਾਗਰਾਤ ਵਾਲੇ ਕਰਮੇ ਵਿਚੋਂ ਉਹ ਕਿਹੜੀ ਨਿਊਜ਼ ਲੋਕਾਂ ਨੂੰ ਦੇਣਾ ਚਹੁੰਦੇ ਨੇ....! 

 ਨਿੱਤ ਕਰਜ਼ੇ ਹੇਠ ਦੱਬੇ ਕਿਸਾਨ ਆਤਮ-ਹੱਤਿਆ ਕਰਨ ਲਈ ਮਜ਼ਬੂਰ ਹੋ ਰਹੇ ਨੇ ਪਰ ਮੀਡੀਆ ਖਾਮੋਸ਼ ਹੈ।  ਸਾਡੀਆਂ ਧੀਆਂ ਨੂੰ ਦਾਜ ਕਾਰਨ ਸਾੜਿਆ ਜਾ ਰਿਹਾ ਹੈ ਪਰ ਮੀਡੀਏ ਦੀ ਜੁਬਾਨ ਨੂੰ ਜਿੰਦਰਾ ਲੱਗਾ ਹੈ। ਅਣਜੰਮੀਆਂ ਧੀਆਂ ਨੂੰ ਮਾਂ ਦੇ ਪੇਟ ਵਿਚ ਹੀ ਕਤਲ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਖੇਤਰਵਾਦ ਦੀ ਸਮੱਸਿਆ ਮੂੰਹ ਪਾੜ ਕੇ ਦੇਸ਼ ਵਿਚ ਵੰਡੀਆਂ ਪਾ ਰਹੀ ਹੈ, ਧਰਮ ਦੇ ਨਾਂ ਦੇ ਦੰਗੇ ਫ਼ਸਾਦ ਹੋ ਰਹੇ ਹਨ, ਪੜਾਈ-ਲਿਖਾਈ ਗ਼ਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ, ਕਰੋੜਾਂ ਰੁਪਏ ਦਾ ਅਨਾਜ ਖੁੱਲੇ ਅਸਮਾਨ ਹੇਠ ਪਿਆ ਸੜ ਰਿਹਾ ਹੈ, ਰਾਜਨੀਤੀ ਵਿਚ ਪਰਿਵਾਰਵਾਦ ਵੱਧ ਰਿਹਾ ਹੈ, ਬੇਰੁਜ਼ਗਾਰੀ ਵੱਧ ਰਹੀ ਹੈ, ਚੋਰੀਆਂ, ਲੁੱਟਮਾਰ, ਬਲਾਤਕਾਰ ਤੇ ਹੋਰ ਪਤਾ ਨਹੀਂ ਕੀ ਕੀ ਪਰ ਮੀਡਿਆ..........!

  ਪ੍ਰ੍ਰਿੰਟ ਮੀਡੀਆਂ ਦੇ ਹਾਲਾਤ ਵੀ ਕੋਈ ਜ਼ਿਆਦਾ ਚੰਗੇ ਨਹੀਂ । ਕੋਈ ਯੋਗਤਾ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਬੱਸ ਜਿਹੜਾ ਵਿਅਕਤੀ ਅਖ਼ਬਾਰ ਨੂੰ ਇਸ਼ਤਿਹਾਰ ਲਿਆ ਕੇ ਦੇ ਦਿੰਦਾ ਹੈ ਉਸ ਨੂੰ ਪੱਤਰਕਾਰ ਬਣਾ ਦਿੱਤਾ ਜਾਂਦਾ ਹੈ। ਉਸ ਤੋਂ ਕੋਈ ਇਹ ਨਹੀਂ ਪੁੱਛਿਆ ਜਾਂਦਾ ਕਿ ਤੁਹਾਡੀ ਯੋਗਤਾ ਕੀ ਹੈ...? ਤੁਸੀਂ ਪਹਿਲਾਂ ਕਦੇ ਪੱਤਰਕਾਰਤਾ ਕੀਤੀ ਹੈ....?

ਪੱਤਰਕਾਰਤਾ ਉਤਨਾ ਹੀ ਜ਼ਿੰਮੇਵਾਰੀ ਵਾਲਾ ਪੇਸ਼ਾ ਹੈ ਜਿਤਨਾ ਕਿ ਅਧਿਆਪਨ ਦਾ। ਜੇਕਰ ਇਕ ਅਯੋਗ ਵਿਅਕਤੀ ਅਧਿਆਪਕ ਬਣ ਜਾਵੇ ਤਾਂ ਉਸ ਤੋਂ ਸਿੱਖਿਆ ਲੈ ਕੇ ਪੜ੍ਹਣ ਵਾਲੇ ਵਿਦਿਆਰਥੀ ਕਿਸ ਤਰ੍ਹਾਂ ਦਾ ਹੋਵੇਗਾ ਤੁਸੀਂ ਸਮਝ ਸਕਦੇ ਹੋ। ਇਸ ਲਈ ਪ੍ਰਿੰਟ ਮੀਡੀਆ ਵਿਚ ਵੀ ਨਿਗ਼ਾਰ ਦੇਖਣ ਨੂੰ ਮਿਲ ਰਿਹਾ ਹੈ। ਲੋਕ ਅਖ਼ਬਾਰੀ ਖ਼ਬਰਾਂ ਦੀ ਸੱਚਾਈ ਤੇ ਘੱਟ ਹੀ ਵਿਸ਼ਵਾਸ ਕਰਦੇ ਹਨ।


ਭਾਰਤੀ ਮੀਡਿਆ ਬਨਾਮ ਹਾਸੋਹੀਣੀ ਦਸ਼ਾ


ਆਪਣੀ ਇਸ ਕੁਦਿਸ਼ਾ ਕਾਰਣ ਮੀਡੀਆ ਆਪਣੀ ਦਾ ਦਸ਼ਾ ਗੁਆ ਬੈਠਾ ਹੈ। ਉਸ ਦੀ ਦਸ਼ਾ ਹਾਸੋਹੀਣੀ ਬਣੀ ਹੋਈ ਹੈ। ਜਿਵੇਂ ਕਿ ਉੱਪਰ ਕਿਹਾ ਗਿਆ ਹੈ ਕਿ ਅਯੋਗ ਵਿਅਕਤੀਆਂ ਦਾ ਪ੍ਰਵੇਸ਼ ਅਤੇ ਮੀਡੀਆ ਦੀ ਗਲਤ ਦਿਸ਼ਾ ਹੀ ਇਸ ਦੀ ਦਸ਼ਾ ਨੂੰ ਵਿਗਾੜਨ ਦਾ ਕੰਮ ਕਰ ਰਹੇ ਹਨ।


 ਸੋ ਅਜੋਕੇ ਸਮੇਂ ਲੋੜ ਹੈ ਕਿ ਟੀ. ਵੀ.ਪੱਤਰਕਾਰਿਤਾ ਅਤੇ ਪ੍ਰਿੰਟ ਮੀਡੀਆ ਮਿਲ ਬੈਠ ਕੇ ਆਪਣੀ ਇਸ ਦਸ਼ਾ ਦਾ ਮੁਲਾਂਕਣ ਕਰਨ ਅਤੇ ਮੀਡੀਆ ਦੇ ਸਰੂਪ ਵਿਚ ਆ ਰਹੀ ਗਿਰਾਵਟ ਵੱਲ ਧਿਆਨ ਦੇਣ। ਯੋਗ ਵਿਅਕਤੀਆਂ ਨੂੰ ਪੱਤਰਕਾਰਤਾ ਜਿਹੇ ਜ਼ਿੰਮੇਵਾਰੀ ਵਾਲੇ ਪੇਸ਼ੇ ਵਿਚ ਲਿਆਂਦਾ ਜਾਵੇ ਤਾਂ ਕਿ ਭਾਰਤ ਦਾ ਇਹ ਚੋਥਾ ਥੰਮ ਆਪਣੇ ਗੁਆਚੇ ਅਕਸ ਨੂੰ ਮੁੜ ਪ੍ਰਾਪਤ ਕਰ ਸਕੇ।.........ਇਹੀ ਅਰਦਾਸ ਹੈ ਮੇਰੀ ਆਮੀਨ।
                                                                                                         -ਨਿਸ਼ਾਨ ਸਿੰਘ ਰਾਠੌਰ

No comments:

Post a Comment